ਸੁਰਿੰਦਰ ਨੀਰ ਦੇ ਨਾਵਲਾਂ ਵਿੱਚ ਪੇਸ਼ ਕਸ਼ਮੀਰੀ ਸਭਿਆਚਾਰ

ਗੁਰਪ੍ਰੀਤ ਕੌਰ
ਸਹਾਇਕ ਪ੍ਰੋਫੈਸਰ
ਪੰਜਾਬੀ ਵਿਭਾਗ
ਪੰਜਾਬ ਕੇਂਦਰੀ ਯੂਨੀਵਰਸਿਟੀ
ਮਨਫੂਲ ਸਿੰਘ
ਖੋਜ ਵਿਦਿਆਰਥੀ
ਪੰਜਾਬੀ ਵਿਭਾਗ
ਦਿੱਲੀ ਯੂਨੀਵਰਸਿਟੀ

ਖੋਜ ਸਾਰ

ਇਸ ਖੋਜ ਲੇਖ ਦਾ ਸੰਬੰਧ ‘ਧਰਤੀ ਉਤੇ ਸਵਰਗ’ ਕਹੇ ਜਾਣ ਵਾਲੇ ਖੇਤਰ ਕਸ਼ਮੀਰ ਨਾਲ ਹੈ। ਕਿਸੇ ਵੀ ਖਿੱਤੇ ਨੂੰ ਸਮਝਣ ਲਈ ਉਸ ਖਿੱਤੇ ਦਾ ਸਭਿਆਚਾਰ ਅਹਿਮ ਭੁਮਿਕਾ ਅੱਦਾ ਕਰਦਾ ਹੈ। ਇਸ ਲੇਖ ਵਿੱਚ ਕਸ਼ਮੀਰੀ ਸਭਿਆਚਾਰ ਦਾ ਗਹਿਰਾਈ ਨਾਲ ਅਧਿਐਨ ਕੀਤਾ ਜਾਵੇਗਾ। ਕਸ਼ਮੀਰੀ ਸਭਿਆਚਾਰ ਮੂਲ ਰੂਪ ਵਿੱਚ ਪੰਜਾਬੀ ਸਭਿਆਚਾਰ ਤੋਂ ਵੱਖਰਾ ਹੈ, ਉਸਦਾ ਕਾਰਨ ਕਸ਼ਮੀਰ ਦੀ ਭੂਗੋਲਿਕ ਅਤੇ ਰਾਜਸੀ ਸਥਿਤੀ ਹੈ। ਵਧੇਰੇ ਸਮੇਂ ਲਈ ਪੈਂਦੀ ਬਰਫ਼ ਅਤੇ ਮੁਗਲ ਸ਼ਾਸਕਾਂ ਦੇ ਦੌਰ ਵਿੱਚ ਆਏ ਕਾਰੀਗਰਾਂ ਸਦਕਾ ਕਸ਼ਮੀਰੀ ਸਭਿਆਚਾਰ ਵੱਖਰਤਾ ਅਤੇ ਅਹਿਮਅਤ ਰੱਖਦਾ ਹੈ। ਇਸ ਲੇਖ ਵਿੱਚ ਕਸ਼ਮੀਰੀ ਸਭਿਆਚਾਰ ਨੂੰ ‘ਸੁਰਿੰਦਰ ਨੀਰ’  ਜੋ ਕਸ਼ਮੀਰ ਦੀ ਜੰਮ-ਪਲ ਹੈ, ਦੀਆਂ ਪੰਜਾਬੀ ਰਚਨਾਵਾਂ ਰਾਹੀ ਸਮਝਿਆ ਜਾਵੇਗਾ। ਸੁਰਿੰਦਰ ਨੀਰ ਜੰਮੂ-ਕਸ਼ਮੀਰ ਦੇ ਸਾਹਿਤਕਾਰਾਂ ਵਿੱਚ ਇੱਕ ਚਮਕਦਾ ਸਿਤਾਰਾ ਹੈ। ਆਪਣੇ ਕਹਾਣੀ ਸੰਗ੍ਰਹਿ ‘ਟੈਬੂ ’ ਲਈ ਉਸਨੂੰ ੨੦੨੪ ਵਿੱਚ ਢਾਹਾਂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਉੱਗੀ ਲੇਖਿਕਾ ਨੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿੱਚ ਤਿੰਨ ਨਾਵਲ- ਸ਼ਿਕਾਰਗਾਹ(੨੦੧੦), ਮਾਇਆ(੨੦੧੨), ਚਸ਼ਮਿ-ਬੁਲਬੁਲ(੨੦੧੯) ਅਤੇ ਤਿੰਨ ਕਹਾਣੀ ਸੰਗ੍ਰਹਿ ਪਾਏ ਹਨ।

ਇਸ ਖੋਜ ਲੇਖ ਵਿੱਚ ਸਭਿਆਚਾਰ ਦੇ ਸ਼ਾਬਦਿਕ ਅਰਥ ਅਤੇ ਪ੍ਰਕਿਰਤੀ ਨੂੰ ਸਮਝਿਆ ਜਾਏਗਾ। ਸਭਿਆਚਾਰ ਦੀ ਸਿਧਾਂਤਕ ਸਮਝ ਬਣਾਉਣ ਉਪਰੰਤ ਸੁਰਿੰਦਰ ਨੀਰ ਦੇ ਨਾਵਲਾਂ ਨੂੰ ਆਧਾਰ ਬਣਾ ਕੇ ਕਸ਼ਮੀਰੀ ਸਭਿਆਚਾਰ ਦਾ ਅਧਿਐਨ ਕੀਤਾ ਜਾਵੇਗਾ। ਇਸ ਅਧਿਐਨ ਲਈ ਸਮਗਰੀ ਵਜੋਂ ਨਾਵਲਾਂ ਵਿੱਚ ਪੇਸ਼ ਲੋਕ ਗੀਤ, ਲੋਕ ਵਿਸ਼ਵਾਸ, ਲੋਕ ਨਾਚ, ਖਾਣ-ਪੀਣ, ਰਸਮਾਂ ਆਦਿ ਨੂੰ ਵਰਤਿਆ ਜਾਵੇਗਾ।

ਬੀਜ ਸ਼ਬਦ:– ਕਾਨੀਸ਼ਾਲ, ਤਾਹਰੀ, ਮਾਂਗਾਂ, ਹਾਫ਼ੀਜ਼ ਨਾਚ, ਕਾਂਗੜੀ, ਫ਼ਿਰਨ।

ਅਸਲੀ ਲੇਖ:-

ਸਭਿਆਚਾਰ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ- ਸਭਯ+ਆਚਾਰ। ਅੰਗਰੇਜ਼ੀ ਭਾਸ਼ਾ ਵਿੱਚ ਸਭਿਆਚਾਰ ਸ਼ਬਦ ਲਈ “Culture” ਸ਼ਬਦ ਵਰਤਿਆ ਜਾਂਦਾ ਹੈ, ਜਿਸ ਨੂੰ ਲਾਤੀਨੀ ਭਾਸ਼ਾ ਵਿੱਚ “Cultura” ਕਿਹਾ ਜਾਂਦਾ ਹੈ। “Cultra” ਦੇ ਸ਼ਾਬਦਿਕ ਅਰਥ ਵਿਸ਼ੇਸ਼ ਪ੍ਰਕਾਰ ਦੇ ਵਿਕਾਸ ਜਾਂ ਉਪਜਾਊ ਕਾਰਜ ਤੋਂ ਲਏ ਜਾਂਦੇ ਹਨ। ਸਭਿਆਚਾਰ ਇੱਕ ਸਮਾਜਿਕ ਵਰਤਾਰਾ ਹੈ, ਜਿਸਨੂੰ ਮਨੁੱਖ ਸਮਾਜ ਵਿੱਚ ਵਿੱਚਰਦਿਆਂ ਸਹਿਜੇ ਹੀ ਗ੍ਰਹਿਣ ਕਰ ਲੈਂਦਾ ਹੈ। ਸਮਾਜਿਕ ਜੀਵ ਹੋਣ ਦੇ ਨਾਤੇ ਸਭਿਆਚਾਰ ਮਨੁੱਖ ਦੀ ਇੱਕ ਅਹਿਮ ਅਤੇ ਵਿਲੱਖਣ ਪ੍ਰਾਪਤੀ ਹੈ, ਜੋ ਉਸਨੂੰ ਸ੍ਰਿਸ਼ਟੀ ਦੇ ਬਾਕੀ ਜੀਵ-ਜੰਤੂਆਂ ਤੋਂ ਹੀ ਅਲਗ ਨਹੀਂ ਕਰਦੀ ਬਲਕਿ ਵੱਖ-ਵੱਖ ਮਨੁੱਖੀ ਸਮੂਹਾਂ ਵਿੱਚਕਾਰ ਸਾਂਝ ਅਤੇ ਵੱਖਰੇਵੇਂ ਨੂੰ ਵੀ

ਨਿਰਧਾਰਿਤ ਕਰਦਾ ਹੈ। ਸਭਿਆਚਾਰ ਸੰਬੰਧੀ ਸੱਭ ਤੋਂ ਪ੍ਰਥਮ ਪਰਿਭਾਸ਼ਾ ਮਾਨਵ ਵਿਗਿਆਨੀ ਐਡਵਰਡ ਬੀ ਟਾਈਲਰ ਦੁਆਰਾ ਦਿੱਤੀ ਗਈ ਹੈ।

ਐਡਵਰਡ ਬੀ ਟਾਈਲਰ ਦੇ ਵਿਚਾਰ ਅਨੁਸਾਰ, “ਸਭਿਆਚਾਰ ਇੱਕ ਜਟਿਲ ਸਮੁੱਹ ਹੈ ਜਿਸ ਵਿੱਚ ਗਿਆਨ, ਵਿਸ਼ਵਾਸ, ਕਲਾ, ਕਾਨੂੰਨ, ਨੈਤਿਕਤਾ, ਰੀਤੀ-ਰਿਵਾਜ਼ ਅਤੇ ਹੋਰ ਸਭ ਸਮਰੱਥਾਵਾਂ ਅਤੇ ਆਦਤਾਂ ਆ ਜਾਂਦੀਆਂ ਹਨ, ਜਿਹੜੀਆਂ ਮਨੁੱਖ, ਸਮਾਜ ਦੇ ਇਕ ਮੈਂਬਰ ਹੋਣ ਦੇ ਨਾਤੇ, ਗ੍ਰਹਿਣ ਕਰਦਾ ਹੈ।”1

ਇਹ ਖੋਜ ਲੇਖ ਸੁਰਿੰਦਰ ਨੀਰ ਦੇ ਨਾਵਲਾਂ ਵਿੱਚ ਕਸ਼ਮੀਰੀ ਸਭਿਆਚਾਰ ਨਾਲ ਸੰਬੰਧਿਤ ਹੈ। ਕਸ਼ਮੀਰ ਜਿਸ ਨੂੰ ਧਰਤੀ ’ਤੇ ਜੰਨਤ ਹੋਣ ਦਾ ਮਾਣ ਪ੍ਰਾਪਤ ਹੈ, ਉਸਦੇ ਨਾਂ ਸੰਬੰਧੀ ਬਹੁਤ ਸਾਰੇ ਮੱਤ ਪ੍ਰਚੱਲਿਤ ਹਨ। ਕਸ਼ਮੀਰ  ਦੋ ਸ਼ਬਦਾਂ ਕਸ਼ਿਅਪਾ+ਮੀਰ ਦੇ ਸਹਿ ਰੂਪ ਤੋਂ ਬਣਿਆ ਹੈ, ਜਿਸ

ਦੇ ਅਰਥ ਹਨ ‘ਕਸ਼ਿਅਪ ਝੀਲ’। ਇੱਕ ਮੱਤ ਅਨੁਸਾਰ ਇਸ ਖਿੱਤੇ ਦਾ ਨਾਂ ਸੰਤ ਕਸ਼ਿਅਪ ਤੋਂ ਪਿਆ ਸੀ ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਸਨੇ ਹੀ ਇਸ ਧਰਤੀ ਉੱਤੇ ਲੋਕ ਵਸਾਏ ਸਨ। ਕਸ਼ਮੀਰ ਵਿੱਚ ਰਹਿਣ ਵਾਲੇ ਲੋਕਾਂ ਦੇ ਸਭਿਆਚਾਰ ਨੂੰ ਕਸ਼ਮੀਰੀ ਸਭਿਆਚਾਰ ਕਿਹਾ ਜਾਂਦਾ ਹੈ। ਕਿਸੇ ਵੀ ਖਿੱਤੇ ਦੀ ਸਭਿਆਚਾਰਕ ਸਿਰਜਣਾ ਵਿੱਚ ਉਸ ਖਿੱਤੇ ਦੀ ਭੁਗੋਲਿਕਤਾ ਅਤੇ ਗਣਿਤ ਅਹਿਮ ਰੋਲ ਅਦਾ ਕਰਦੇ ਹਨ। ਵਾਦੀ-ਏ-ਕਸ਼ਮੀਰ ਦੀ ਭੁਗੋਲਿਕ ਸਥਿਤੀ ਅਤੇ ਮੌਸਮ ਬਾਕੀ ਪ੍ਰਾਂਤਾ ਤੋਂ ਵੱਖਰਾ ਹੋਣ ਕਰਕੇ ਇੱਥੇ ਦੇ ਲੋਕਾਂ ਦਾ ਪਹਿਰਾਵਾ, ਖਾਣ-ਪੀਣ, ਰਹਿਣ-ਸਹਿਣ, ਕੰਮ-ਧੰਦੇ, ਬੋਲ-ਚਾਲ ਆਦਿ ਬਾਕੀ ਦੇ ਖਿੱਤਿਆਂ ਨਾਲੋ ਵੱਖਰਾ ਹੈ। ਠੰਡ ਜ਼ਿਆਦਾ ਹੋਣ ਕਰਕੇ ਕਸ਼ਮੀਰ ਦੇ ਸਭਿਆਚਾਰ ਵਿੱਚ ਫ਼ਿਰਨ, ਪਸ਼ਮੀਨਾ ਸ਼ਾਲ, ਮਸਾਲੇਦਾਰ ਭੋਜਨ, ਮੀਟ, ਤਮੁਲ(Rice) ਆਦਿ ਪ੍ਰਸਿੱਧ ਹਨ। ਕਸ਼ਮੀਰ ਵਿੱਚ ਵਸਦੇ ਮੁਸਲਮਾਨਾਂ ਲਈ ਵਿਸ਼ੇਸ਼ ਕਰਕੇ ਕਸ਼ਮੀਰੀ ਸ਼ਬਦ ਵਰਤਿਆ ਜਾਂਦਾ ਹੈ ਅਤੇ ਵਾਦੀ ਵਿੱਚ ਵਸਦੇ ਸਿੱਖਾਂ ਲਈ ਜਮਾਂਦਾਰ ਸ਼ਬਦ ਵਰਤਿਆ ਜਾਂਦਾ ਹੈ, ਮੁੱਢ ਤੋਂ ਹੀ ਫੌਜੀ ਹੌਣ ਕਰਕੇ ਕਸ਼ਮੀਰੀ ਸਿੱਖਾਂ ਨਾਲ ਜਮਾਂਦਾਰ ਸ਼ਬਦ ਜੋੜਿਆ ਜਾਂਦਾ ਹੈ। ਕਸ਼ਮੀਰੀ ਸਭਿਆਚਾਰ ਦੀ ਖ਼ੂਬਸੂਰਤੀ ਇਸ ਗੱਲ ਵਿੱਚ ਹੈ ਕਿ ਤਿੰਨ ਵੱਖ-ਵੱਖ ਧਰਮਾਂ (ਮੁਸਲਮਾਨ, ਸਿੱਖ, ਹਿੰਦੂ) ਦੇ ਲੋਕ ਸਾਂਝੇ ਕਸ਼ਮੀਰੀ ਸਭਿਆਚਾਰ ਹੇਠ ਇੱਕ-ਦੂਜੇ ਦੇ ਸਭਿਆਚਾਰਕ ਪ੍ਰਭਾਵ ਕਬੂਲਦੇ ਹਨ।

ਸੁਰਿੰਦਰ ਨੀਰ ਦੁਆਰਾ ਰਚਿਤ ਨਾਵਲਾਂ ਦਾ ਵੇਰਵਾ:-

ਸ਼ਿਕਾਰਗਾਹ – ੨੦੧੦

ਮਾਇਆ – ੨੦੧੨

ਚਸ਼ਮਿ-ਬੁਲਬੁਲ – ੨੦੧੯    

ਸੁਰਿੰਦਰ ਨੀਰ ਨੇ ਆਪਣੇ ਨਾਵਲਾਂ ਵਿੱਚ ਜਿਨ੍ਹਾਂ ਸਭਿਆਚਾਰਕ ਅੰਗਾਂ ਦੀ ਸਹਾਇਤਾ ਨਾਲ ਕਸ਼ਮੀਰ ਦੇ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਸਭਿਆਚਾਰ ਨੂੰ ਪੇਸ਼ ਕੀਤਾ ਹੈ ਉਹ ਇਸ ਪ੍ਰਕਾਰ ਹੈ-

ਰਹਿਣ-ਸਹਿਣ, ਪਹਿਰਾਵੇ ਦੇ ਢੰਗ, ਖਾਣ-ਪੀਣ, ਲੋਕ ਗੀਤ, ਕੰਮ-ਧੰਦੇ, ਲੋਕ-ਵਿਸ਼ਵਾਸ, ਬੋਲੀ, ਲੋਕ-ਨਾਚ ਅਤੇ ਰਸਮਾਂ ਆਦਿ।

ਲੋਕ ਗੀਤ:-

ਲੋਕ ਗੀਤ, ਲੋਕਾਂ ਦੇ ਮੰਨ ਅੰਦਰ ਪੈਦਾ ਹੋਣ ਵਾਲੇ ਜਜ਼ਬਿਆਂ ਅਤੇ ਖੁਆਇਸ਼ਾਂ ਦਾ ਪ੍ਰਗਟਾਵਾ ਹੁੰਦਾ ਹੈ। ਇਹ ਕਿਸੇ ਵਿਸ਼ੇਸ਼ ਲੋਕ ਸਮੂਹ ਨਾਲ ਸੰਬੰਧਿਤ ਉਹ ਗੀਤ ਹੁੰਦੇ ਹਨ ਜਿਨ੍ਹਾਂ ਨੂੰ ਉੱਥੇ ਦੇ ਸਮੁਹਿ ਦੀ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ। ਇਹ ਗੀਤ ਪੀੜੀਓ-ਪੀੜੀ ਮੌਖਿਕ ਰੂਪ ਵਿੱਚ ਵਿੱਚਰਦੇ ਹਨ। ਲੋਕ ਗੀਤ ਆਪਣੇ ਘੇਰੇ ਵਿੱਚ ਮਨੁੱਖੀ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਲੈਂਦੇ ਹਨ। ਇਹ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਸਫ਼ਰ ਨੂੰ ਬੜੇ ਹੀ ਸੁਚਜੇ ਢੰਗ ਨਾਲ ਪੇਸ਼ ਕਰਦੇ ਹਨ। ਸੁਰਿੰਦਰ ਨੀਰ ਦੇ ਨਾਵਲਾਂ ਵਿੱਚ ਪੇਸ਼ ਲੋਕ ਗੀਤਾਂ ਦੀ ਝੱਲਕ ਇਸ ਪ੍ਰਕਾਰ ਹੈ-

ਮੈਂ ਬੁਣਕਰ ਜੋ ਸ਼ਾਲ ਬੁਣਾਂ

ਉਹ ਰਾਜੇ ਵਸਤਰ ਪਾਉਣ

ਰੁਤਬਾ ਉਨ੍ਹਾਂ ਦਾ ਸ਼ਾਹੀ ਫਬਦਾ

ਝੁਕ-ਝੁਕ ਸਜਦੇ ਕਰਾਉਣ

ਪਰ ਬੁਣਕਰ ਦਾ ਫਟਿਆ ਪਿਹਰਨ

ਲੀਰਾਂ ਲਮਕਦੀਆਂ ਜਾਵਣ

ਕਾਨੀਕਾਰਾ ਤੇਰੀ ਕਿਸਮਤ ਚੰਦਰੀ

ਚਾਕ ਗਿਰੇਬਾਂ-ਦਾਵਣ

ਹਾਇ ਚਾਕ ਗਿਰੇਬਾਂ ਦਾਵਣ…2

ਇਸ ਲੋਕ ਗੀਤ ਦਾ ਸੰਬੰਧ ਕਸ਼ਮੀਰੀ ਕਲਾ ਨੂੰ ਸਾਂਭਣ ਵਾਲਿਆਂ ਦੀ ਤ੍ਰਾਸਦਿਕ ਸਥਿਤੀ ਨਾਲ ਹੈ। ਕਸ਼ਮੀਰ ਦੇ ਕਾਰੀਗਰ ਜੋ ਕਾਨੀ ਸ਼ਾਲ ਬਣਾਉਂਦੇ ਹਨ ਉਹ ਸਿਰਫ਼ ਕਸ਼ਮੀਰ ਵਿੱਚ ਹੀ ਨਹੀਂ ਬਲਕਿ ਵਿਸ਼ਵ ਭਰ ਵਿੱਚ ਵੀ ਬਹੁਤ ਪ੍ਰਸਿੱਧ ਹਨ। ਇਹ ਕਾਨੀਸ਼ਾਲ ਅਮੀਰੀਅਤ ਨੂੰ ਦਰਸਾਉਂਦਾ ਹੈ। ਇਕ ਵਾਰ ਇਕ ਕਾਰੀਗਰ ਨੇ ਕਾਨੀ ਸ਼ਾਲ ਬਾਦਸ਼ਾਹ ਅਕਬਰ ਨੂੰ ਤੋਹਫ਼ੇ ਵਜੋਂ ਦਿੱਤਾ ਸੀ ਅਤੇ ਇਸ ਸ਼ਾਲ ਦੀ ਖ਼ੂਬਸੂਰਤੀ ਤੋਂ ਖੁਸ਼ ਹੋ ਕੇ ਬਾਦਸ਼ਾਹ ਨੇ ਉਸਨੂ ਇਨਾਮ ਵਜੋਂ ਕਸ਼ਮੀਰ ਦਾ ਕਾਨੀਗਾਮ ਪਿੰਡ ਦੇ ਦਿੱਤਾ ਸੀ। ਇੱਕ ਕਾਨੀਸ਼ਾਲ ਨੂੰ ਬਣਾਉਂਣ ਵਿੱਚ ਕਈ ਵਾਰ ਇੱਕ ਸਾਲ ਦੇ ਕਰੀਬ ਸਮਾਂ ਲਗ ਜਾਂਦਾ ਹੈ। ਇਸ ਨੂੰ ਬਣਾਉਂਣ ਲਈ ਕਾਰੀਗਰ ਨੂੰ ਬੜਾ ਸਬਰ ਅਤੇ ਸੰਤੋਖ ਵਰਤਨਾ ਪੈਂਦਾ ਹੈ। ਜੱਦ ਕੋਈ ਕਾਰੀਗਰ ਪੂਰੇ ਇਕ ਸਾਲ ਵਿੱਚ ਸਿਰਫ਼ ਇਕ ਹੀ ਕਾਨੀਸ਼ਾਲ ਬੁਣਦਾ ਹੈ ਤਾਂ ਉਸ ਲਈ ਇਸ ਤੋਂ ਕਮਾਈ ਜਾਣ ਵਾਲੀ ਰਕਮ ਬੜੀ ਘਟ ਹੋਣ ਕਰਕੇ ਇਹ ਤਬਕਾ, ਹੁਨਰ ਅਤੇ ਕਲਾ ਦਿਨੋ-ਦਿਨ ਖੱਤਮ ਹੁੰਦਾ ਜਾ ਰਿਹਾ ਹੈ। ਕਾਰੀਗਰਾਂ ਦਾ ਇਹ ਤਬਕਾ ਇਕ ਗੁਰਬੱਤ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੈ। ਇਸ ਲੋਕ ਗੀਤ ਦੀ ਵਰਤੋਂ ਕਰ ਕੇ ਸੁਰਿੰਦਰ ਨੀਰ ਨੇ ਕਾਨੀਸ਼ਾਲ ਬਣਾਉਂਣ ਵਾਲੇ ਕਾਰੀਗਰਾਂ ਦੀ ਇਸੇ ਤ੍ਰਾਸ਼ਦੀ ਅਤੇ ਮਾਨਸਿਕਤਾ ਨੂੰ ਪੇਸ਼ ਕੀਤਾ ਹੈ। ਬੁਣਕਰ ਦੇ ਬਣੇ ਸ਼ਾਲ ਨੂੰ ਸ਼ਾਹੀ ਲਿਬਾਸ ਦਾ ਹਿੱਸਾ ਬਣਾਇਆਂ ਗਿਆ ਹੈ। ਵਡੇ-ਵਡੇ ਰਾਜੇ ਇਨ੍ਹਾਂ ਸ਼ਾਲਾਂ ਨੂੰ ਪਹਿਣ ਕੇ ਸਜਦੇ ਕਰਵਾਉਂਦੇ ਹਨ, ਲੋਕ ਉਨ੍ਹਾਂ ਨੂੰ ਨੱਕਮਸਤਕ ਹੁੰਦੇ ਹਨ। ਪਰ ਉਸ ਸ਼ਾਲ ਨੂੰ ਬਣਾਉਂਣ ਵਾਲੇ ਨੂੰ ਚੱਜ ਦਾ ਪੱਟੂ ਦਾ ਫ਼ਿਰਨ ਵੀ ਨਹੀਂ ਜੁੜਦਾ। ਉਹ ਮਹਿੰਗੇ ਤੋਂ ਮਹਿੰਗਾ ਕਾਨੀ ਸ਼ਾਲ ਬੁਣਦਾ ਤਾਂ ਹੈ ਪਰ ਆਪਣੀ ਆਰਥਿਕ ਮੰਦਹਾਲੀ ਕਾਰਨ ਉਹ ਇਸ ਨੂੰ ਪਹਿਣਨ ਦਾ ਖਵਾਬ ਵੀ ਨਹੀਂ ਵੇਖ ਸਕਦਾ। ਉਨ੍ਹਾਂ ਵਲੋਂ ਬਣਾਏ ਗਏ ਕਾਨੀਸ਼ਾਲ ਨੂੰ ਸਨਮਾਨ ਦੇ ਤੌਰ ’ਤੇ ਦਿੱਤਾ ਜਾਂਦਾ ਹੈ ਪਰ ਕਾਨੀਸ਼ਾਲ ਬਣਾਉਂਣ ਵਾਲੇ ਨੂੰ ਗਰੀਬੀ ਦਾ ਤੋਹਫ਼ਾ ਹੀ ਦਿੱਤਾ ਜਾਂਦਾ ਹੈ।

“ਰੂਦੋ ਕਰੀ ਖੁਦਾਏ

ਅੱਸ ਕਿਆ ਕਰੀ ਖੁਦਾਏ”3

ਇਸ ਲੋਕ ਗੀਤ ਦੇ ਪੰਜਾਬੀ ਅਰਥ ਹਨ-‘ਬਦਲ ਬਰਸਾ ਖੁਦਾਯਾ ਅਸਾਂ ਤੇਰਾ ਕੀ ਬਿਗਾੜਿਆ ਖੁਦਾਯਾ’। ਇਸ ਕਸ਼ਮੀਰੀ ਲੋਕ ਗੀਤ ਵਿੱਚ ਸੁਰਿੰਦਰ ਨੀਰ ਨੇ ਦਰਸਾਇਆ ਹੈ ਕਿ ਜੱਦ ਕਸ਼ਮੀਰ ਵਿੱਚ ਬਾਰਿਸ਼ ਨਹੀ ਹੁੰਦੀ ਤਾਂ ਉੱਥੇ ਦੇ ਲੋਕਾਂ ਵਿੱਚ ਇਹ ਲੋਕ ਵਿਸ਼ਵਾਸ ਹੈ ਕਿ ਪੀਲੇ ਚਾਵਲਾਂ ਦੀ ਤਾਹਰੀ ਬਣਾ ਕੇ ਅਗਰ ਨਾਗਬੱਲ ਪਿਰਅਸਤਾਨ ’ਤੇ ਚੜਾਈ ਜਾਵੇ ਅਤੇ ਬਾਕੀ ਦੀ ਤਾਹਰੀ ਬੱਚੀਆਂ ਵਿੱਚ ਵੰਡੀ ਜਾਏ ਤਾਂ ਕੁਦਰਤ ਉਨ੍ਹਾਂ ਤੇ ’ਖੁਸ਼ ਹੋ ਜਾਵੇਗੀ ਤੇ ਬਾਰਿਸ਼ ਪਵੇਗੀ। ਤਾਹਰੀ ਲੈ ਕੇ ਸਾਰੇ ਬੱਚੇ ਨਾਗਬੱਲ ਪਿਰਅਸਤਾਨ ਜਾਂਦੇ ਉੱਥੇ ਇਕਠੇ ਹੋ ਕੇ ਤਾਹਰੀ ਪਿਰਅਸਤਾਨ ਦੀਆਂ ਛੱਤਾਂ ਅਤੇ ਦੀਵਾਰਾਂ ਉੱਤੇ ਖਿਲਾਰ ਕੇ ਮਸੀਤ ਦੇ ਗੋਲ-ਗੋਲ ਚਕਰ ਕਟਦੇ ਅਤੇ ਇਹ ਗੀਤ ਗਾਉਂਦੇ ਹਨ। ਤਾਹਰੀ ਬਣਾਉਂਣ ਲਈ ਚਾਵਲ, ਤੇਲ, ਹਲਦੀ, ਮੀਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਹਲਦੀ ਦੀ ਵਰਤੋਂ ਜਿਆਦਾ ਕੀਤੀ ਜਾਂਦੀ ਹੈ। ਇਸ ਨੂੰ ਲੋਕਾਂ ਵਿੱਚ ਵਰਤਾਉਣ ਵੇਲੇ ਧਰਮ ਜਾਂ ਜਾਤ ਦੇ ਆਧਾਰ ’ਤੇ ਕੋਈ ਵਿਤਕਰਾ ਨਹੀ ਕੀਤਾ ਜਾਂਦਾ। ਇਹ ਸਾਰਿਆਂ ਵਿੱਚ ਬਰਾਬਰ ਵੰਡੀ ਜਾਂਦੀ ਹੈ।

ਲੋਕ ਵਿਸ਼ਵਾਸ:

ਸੁਰਿੰਦਰ ਨੀਰ ਨੇ ਆਪਣੇ ਨਾਵਲਾਂ ਵਿੱਚ ਕਸ਼ਮੀਰੀ ਸਮਾਜ ਸਭਿਆਚਾਰ ਵਿੱਚ ਪ੍ਰਚਲਿਤ ਵੱਖ-ਵੱਖ ਲੋਕ ਵਿਸ਼ਵਾਸਾਂ ਨੂੰ ਵੀ ਬੜੇ ਹੀ ਸੁਚੇਤ ਢੰਗ ਨਾਲ ਵਰਤਿਆ ਹੈ। ਲੋਕ ਵਿਸ਼ਵਾਸਾਂ ਦਾ ਆਧਾਰ ਵਹਿਮਾਂ ਭਰਮਾਂ ਤੇ ਟਿਕਿਆ ਹੁੰਦਾ ਹੈ। ਜਦੋਂ ਕਿਸੇ ਦੀ ਮਾਨਸਿਕਤਾ ਕਮਜ਼ੋਰ ਹੁੰਦੀ ਹੈ ਤਾਂ ਉਹ ਇਨ੍ਹਾਂ ਲੋਕ ਵਿਸ਼ਵਾਸਾਂ ਦਾ ਸਹਾਰਾ ਲੈਂਦਾ ਹੈ। ਮਨੁੱਖ ਨੂੰ ਇਹ ਵਿਸ਼ਵਾਸ ਹੋ ਜਾਣਾ ਕਿ ਜੋ ਉਹ ਸੋਚ ਰਿਹਾ ਹੈ ਉਹ ਕੋਈ ਭਰਮ ਭੁਲੇਖਾ ਨਹੀ ਬਲਕਿ ਅਸਲੀਅਤ ਵਿੱਚ ਇਹੋ ਹੈ ਤਾਂ ਹੀ ਕਿਸੇ ਲੋਕ ਵਿਸ਼ਵਾਸ ਦੀ ਸਥਾਪਨਾ ਹੁੰਦੀ ਹੈ। ਆਪਣੇ ਨਾਵਲਾਂ ਵਿੱਚ ਸੁਰਿੰਦਰ ਨੀਰ ਨੇ ਵੱਖ-ਵੱਖ ਲੋਕ ਵਿਸ਼ਵਾਸਾਂ ਦਾ ਜ਼ਿਕਰ ਕੀਤਾ ਹੈ ਜਿਵੇਂ-

ਤਾਹਰੀ:-

ਗਰਮੀਆਂ ਦੇ ਮੌਸਮ ਵਿੱਚ ਕਸ਼ਮੀਰ ਵਿੱਚ ਜੱਦ ਬਾਰਿਸ਼ਾਂ ਨਹੀਂ ਹੁੰਦੀਆਂ ਤਾਂ ਕਸ਼ਮੀਰੀ ਲੋਕਾਂ ਲੋਕਾਂ ਵਲੋਂ ਤਾਹਰੀ ਬਣਾਈ ਜਾਂਦੀ। ਵਹਿੰਦੇ ਪਾਨੀ ਕੋਲ ਕਿਤੇ ਸਾਫ਼ ਜਗਹਿ ਤੇ ਇਹ ਤਾਹਰੀ ਬਣਾਈ ਜਾਂਦੀ ਹੈ। ਤਾਹਰੀ ਬਣਾਉਂਣ ਲਈ ਚਾਵਲ,ਤੇਲ, ਹਲਦੀ, ਮੀਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਹਲਦੀ ਦੀ ਵਰਤੋਂ ਜਿਆਦਾ ਕੀਤੀ ਜਾਂਦੀ ਹੈ। ਕਿਉਕਿ ਹਲਦੀ ਸੇਹਤ ਲਈ ਚੰਗੀ ਹੁੰਦੀ ਹੈ। ਇਸ ਵਿੱਚ anti-oxidant, anti-inflammatory, anti-septic, anti-microbal ਤੱਤ ਹੁੰਦੇ ਹਨ। ਲੋਕਾਂ ਵਿੱਚ ਵਿਸ਼ਵਾਸ ਹੈ ਕਿ ਪੀਲੇ ਚਾਵਲਾਂ ਦੀ ਤਾਹਰੀ ਬਣਾ ਕੇ ਅਗਰ ਨਾਗਬੱਲ ਪਿਰਅਸਤਾਨ ਤੇ ਚੜਾਈ ਜਾਵੇ ਅਤੇ ਬਾਕੀ ਦੀ ਤਾਹਰੀ ਬੱਚੀਆਂ ਵਿੱਚ ਵੰਡੀ ਜਾਏ ਤਾਂ ਕੁਦਰਤ ਉਨ੍ਹਾਂ ਤੇ ਖੁਸ਼ ਹੋ ਜਾਵੇਗੀ ਤੇ ਬਾਰਿਸ਼ ਪਵੇਗੀ। ਤਾਹਰੀ ਲੈ ਕੇ ਸਾਰੇ ਬੱਚੇ ਨਾਗਬੱਲ ਪਿਰਅਸਤਾਨ ਜਾਂਦੇ ਹਨ ਉੱਥੇ ਇਕਠੇ ਹੋ ਕੇ ਤਾਹਰੀ ਪਿਰਅਸਤਾਨ ਦੀਆਂ ਛੱਤਾਂ ਅਤੇ ਦੀਵਾਰਾਂ ਉੱਤੇ ਖਿਲਾਰ ਕੇ ਮਸੀਤ ਦੇ ਗੋਲ-ਗੋਲ ਚਕਰ ਕਟਦੇ ਅਤੇ ਇਹ ਗੀਤ ਗਾਉਂਦੇ ਹਨ।

ਗੁਰਦੁਆਰੇ ਦੇ ਭਾਈ ਨੂੰ ਖਵਾਈ ਰੋਟੀ ਮਿਰਤਕ ਵਿਅਕਤੀ ਨੂੰ ਮਿਲਣ ਦਾ ਵਿਸ਼ਵਾਸ:-

ਕਸ਼ਮੀਰ ਵਿੱਚ ਜੱਦ ਕਿਸੇ ਦੀ ਮੌਤ ਹੋ ਜਾਏ ਤਾਂ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਆਪਣੇ ਅੰਤਿਮ ਭੋਗ/ਅਰਦਾਸ ਤਕ ਉਸ ਦੀ ਆਤਮਾ ਘਰ ਦੇ ਨੇੜੇ ਤੇੜੇ ਹੀ ਰਹਿੰਦੀ ਹੈ। ਕਸ਼ਮੀਰੀ ਸਿੱਖਾਂ ਵਿੱਚ ਇਹ ਵਿਸ਼ਵਾਸ ਹੈ ਕਿ ਕਿਸੇ ਮ੍ਰਿਤ ਬੰਦੇ ਦੀ ਅੰਤਿਮ ਅਰਦਾਸ ਦਾ ਪਾਠ ਕਰਨ ਵਾਲੇ ਭਾਇਆਂ ਨੂੰ ਖਵਾਈ ਗਈ ਰੋਟੀ ਉਸ ਮ੍ਰਿਤਕ ਵਿਆਕਤੀ ਦੀ ਆਤਮਾ ਨੂੰ ਮਿਲਦੀ ਹੈ। ਇਸ ਲੋਕ ਵਿਸ਼ਵਾਸ ਦੀ ਚਲਕ ਸੁਰਿੰਦਰ ਨੀਰ ਨੇ ਆਪਣੇ ਨਾਵਲ ਸ਼ਿਕਾਰਗਾਹ ਵਿੱਚ ਇਸ ਤਰ੍ਹਾਂ ਪੇਸ਼ ਕੀਤੀ ਹੈ-

“ਤੁੜੇ ਪਿਓ ਕੋ ਚਟਨੀ ਬੜੀ ਪਸੰਦ ਆਸੀ। ਪਾਠੀ ਭਾਈਆਂ ਵਾਸਤੇ ਥੋੜ੍ਹੀ ਜਿਹੀ ਚਟਣੀ ਕੁੱਟ ਛੋੜਿਓ। ਉਸ ਕੋ ਪੁੱਜ ਗੈਸੀ।”4

ਲੋਕ ਨਾਚ:

ਲੋਕ ਨਾਚ ਸਾਧਾਰਨ ਲੋਕਾਂ ਦਾ ਨਾਚ ਹੈ। ਮਨ ਦੇ ਚਾਓ ਤੇ ਖੁਸ਼ੀ ਦੀ ਅਭਿਵਿਅਕਤੀ ਲਈ ਜੋ ਨਾਚ ਨਚਿਆ ਜਾਂਦਾ ਹੈ ਉਸ ਨੂੰ ਲੋਕ ਨਾਚ ਕਿਹਾ ਜਾਂਦਾ ਹੈ। ਜਦੋਂ ਵੀ ਮਨੁੱਖ ਖੁਸ਼ ਹੁੰਦਾ ਹੈ ਤਾਂ ਉਹ ਆਪ ਮੁਹਾਰੇ ਨੱਚ ਉਠਦਾ ਹੈ। ਉਸਦੇ ਹੱਥ ਪੈਰ ਕਿਸੇ ਕੁਦਰਤੀ ਸੰਗੀਤ ਦੀ ਤਾਲ ਤੇ ਝੂਮ ਉਠਦੇ ਹਨ। ਲੋਕ ਨਾਚ ਲਈ ਕੋਈ ਪਰਿਭਾਸ਼ਿਤ ਨਿਯਮ ਪਹਿਲਾਂ ਤੋਂ ਤੈਅ ਨਹੀਂ ਹੁੰਦੇ। ਇਹ ਖੁਸ਼ੀ ਨਾਲ ਝੂਮ ਉੱਠੇ ਮਨੁੱਖ ਦੀ ਖੁਸ਼ੀ ਦਾ ਬੇਰੋਕ ਪ੍ਰਗਟਾਵਾ ਹੈ। ਸੰਸਾਰ ਭਰ ਵਿੱਚ ਅਜਿਹਾ ਕੋਈ ਦੇਸ਼ ਨਹੀ ਹੈ ਜਿਸ ਦਾ ਕੋਈ ਆਪਣਾ ਵੱਖਰਾ ਨਾਚ ਨਾ ਹੋਵੇ ਕਿਉਂਕਿ ਹਰ ਦੇਸ਼ ਦੇ ਲੋਕਨਾਚਾਂ ਵਿੱਚ ਉਸ ਦੇਸ ਦੀ ਸਭਿਅਤਾ ਦਾ ਦਰਪਣ ਹੁੰਦਾ ਹੈ। ਇਥੋਂ ਤਕ ਕਿ ਹਰ ਇਕ ਕੋਮ ਦਾ ਆਪਣਾ ਨਾਚ ਹੁੰਦਾ ਹੈ ਜੋ ਬਾਕੀ ਕੋਮਾਂ ਨਾਲੋਂ ਵੱਖਰਾ ਹੁੰਦਾ ਹੈ। ਉਸ ਨਾਚ ਵਿੱਚ ਉਮ ਕੋਮ ਦੀ ਸਭਿਅਤਾ, ਆਰਥਿਕਤਾ, ਰੀਤੀ-ਰਿਵਾਜ਼ ਅਤੇ ਪਹਿਰਾਵੇ ਦਾ ਪ੍ਰਗਟਾਵਾ ਹੁੰਦਾ ਹੈ।

ਮਾਂਗਾਂ:

ਇਹ ਕਸ਼ਮੀਰੀ ਲੋਕ ਨਾਚ ਹੈ। ਇਹ ਨਾਚ ਵਿਆਹੀਆਂ ਕੁੜੀਆਂ ਤੇ ਵੱਡੀ ਉਮਰ ਦੀਆਂ ਔਰਤਾਂ ਦਾ ਨਾਲ ਸੰਬੰਧਿਤ ਨਾਚ ਹੈ। ਸ਼ਰੀਰ ਦਾ ਭਾਰਾ ਹੋਣ ਕਾਰਨ ਅਤੇ ਪਕੇਰੀ ਉੱਮਰ ਦਾ ਤਕਾਜ਼ਾ ਹੋਣ ਕਰਕੇ ਜੱਦ ਔਰਤਾਂ ਗਿੱਧਾ ਨਹੀਂ ਪਾ ਸਕਦੀਆਂ ਤਾਂ ਉਹ ਮਾਂਗਾਂ ਨਾਚ ਨਚਦੀਆਂ ਹਨ। ਇਸ ਵਿੱਚ ਗਿੱਧੇ ਦੇ ਮੁਕਾਬਲੇ ਸ਼ਰੀਰਕ ਕਿਰਿਆਵਾਂ ਘੱਟ ਹੋਣ ਕਰਕੇ ਇਹ ਸੁਖਾਲਾ ਨਾਚ ਹੈ। ਮਾਂਗਾਂ ਨਾਚ ਨਚਣ ਲਈ ਔਰਤਾਂ ਇਕ ਗੋਲ ਘੇਰਾ ਬਣਾਉਂਦੀਆਂ ਹਨ ਅਤੇ ਗੋਲ-ਗੋਲ ਘੁਮੰਦੀਆਂ ਇਕ ਪੈਰ ਅੱਗੇ ਕਢਦੀਆਂ ਅਤੇ ਤਾੜੀ ਮਾਰਦੀਆਂ ਹਨ। ਵਿਆਹ ਅਤੇ ਹੋਰ ਖੁਸ਼ੀਆਂ ਦੇ ਮੌਕੇ ਉੱਤੇ ਔਰਤਾਂ ਵਲੋਂ ਇਸ ਨਾਚ ਰਾਹੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਮਾਂਗਂ ਢੋਲ ਦੀ ਤਰਜ ਤੇ ਨਚਿਆ ਜਾਂਦਾ ਇਸ ਲਈ ਢੋਲੀ ਢੋਲ ਦੀ ਤਰਜ ਮਾਂਗਾਂ ਲੋਕ ਗੀਤ ਵਰਗੀ ਹੀ ਰਖਦਾ ਹੈ ।

ਹਫੀਜ਼ਾ ਨਾਚ:

ਇਹ ਨਾਚ ਕਸ਼ਮੀਰੀ ਸਭਿਆਚਾਰ ਇਕ ਅਹਿਮ ਅੰਗ ਮੰਨਿਆ ਜਾਂਦਾ ਰਿਹਾ ਹੈ। ਇਹ ਨਾਚ ਕਸ਼ਮੀਰੀ ਔਰਤਾਂ ਦੁਆਰਾ ਨਚਿਆ ਜਾਂਦਾ ਸੀ। ਕੋਈ ਵੀ ਖ਼ੁਸ਼ੀ ਦਾ ਮੋਕਾ ਇਸ ਨਾਚ ਬਿਨ੍ਹਾਂ ਮੁਕੰਮਲ ਨਹੀਂ ਸੀ ਹੁੰਦਾ । ਇਹ ਨਾਚ ਫ਼ਾਰਸੀ ਨ੍ਰਿਤ ਕਲਾ ਦਾ ਹਿੱਸਾ ਸੀ ਜੋ ਬਗਦਾਦ ਤੋਂ ਕਸ਼ਮੀਰ ਤਕ ਪੁਜਿਆ। ਕਸ਼ਮੀਰ ਵਿੱਚ ਸੱਭ ਤੋਂ ਪਹਿਲਾਂ ਇਹ ਨਾਚ ਕਰਨ ਵਾਲੀ ਦਾ ਨਾਂ ‘ਖਤਿਜ’ ਸੀ। ਨਚਣ ਵਾਲੀਆਂ ਨੇ ਆਪਣੇ ਚਹਿਰੇ ਨਕਾਬ ਨਾਲ ਢੱਕੇ ਹੁੰਦੇ ਸਨ ਪਰ ਉਨ੍ਹਾਂ ਦੀਆਂ ਲਿਸ਼ਕਦੀਆਂ ਅੱਖਾਂ ਵੇਖਣ ਵਾਲਿਆਂ ਦੇ ਕਲੇਜਿਆਂ ਵਿੱਚ ਛੁਰੀਆਂ ਵਾਂਗ ਉਤਰ ਜਾਂਦੀਆਂ। ਇਸ ਨਾਚ ਨੂੰ ਅਸ਼ਲੀਲ ਮੰਨਦੇ ਹੋਏ ਡੋਗਰਾ ਮਹਾਰਾਜਿਆਂ ਨੇ ਇਸ ਉੱਤੇ 1934 ਨੂੰ ਪਾਬੰਦੀ ਲਗਾ ਦਿੱਤੀ। ਹੁਣ ਇਸ ਨਾਚ ਦਾ ਬਦਲਿਆ ਹੋਇਆ ਰੂਪ ‘ਬੱਚ ਨਗਮਾ’ ਕਸ਼ਮੀਰ ਵਿੱਚ ਪ੍ਰਚਲਿਤ ਹੈ। ਇਹ ਨਾਚ ਹੁਣ ਕਸ਼ਮੀਰੀ ਮਰਦਾਂ ਦੁਆਰਾ ਨਚਿਆ ਜਾਂਦਾ ਹੈ। ਮਰਦ ਔਰਤਾ ਦਾ ਭੇਸ ਧਾਰਨ ਕਰ ਕੇ, ਔਰਤਾਂ ਵਾਂਗ ਹੀ ਸੁਰਖੀ ਬਿੰਦੀ ਲਗਾ ਕੇ ਵਾਲ ਖੋਲ ਕੇ ਨੱਚਦੇ ਹਨ। ਨੱਚਨ ਵਾਲਿਆਂ ਦੇ ਖੁੱਲੇ ਵਾਲ ਵੇਖਣ ਵਾਲਿਆਂ ਦੇ ਦਿਲਾਂ ਨੂੰ ਟੁੰਬਦੇ ਹਨ।

ਖਾਣ-ਪੀਣ:

ਖਾਣ-ਪੀਣ ਮਨੁੱਖੀ ਜੀਵਨ ਦਾ ਬੁਨਿਆਦੀ ਤੱਤ ਹੈ। ਭੁੱਖ ਲਗਨਾਂ ਅਤੇ ਭੁੱਖ ਲਗਣ ਤੇ ਭੋਜਨ ਸ਼ਕਨਾ ਇਕ ਸੁਭਾਵਿਕ ਜਿਹੀ ਕਿਰਿਆ ਹੈ। ਕੇਵਲ ਮਨੁੱਖ ਹੀ ਨਹੀਂ ਬਲਕਿ ਬਾਕੀ ਜੀਵ-ਜੰਤੂ ਵੀ ਆਪਣੀ ਭੁੱਖ ਨੂੰ ਸ਼ਾਂਤ ਕਰਨ ਲਈ ਪ੍ਰਕਿਰਤੀ ਤੇ ਆਧਾਰਿਤ ਹਨ। ਕਿਸੇ ਵੀ ਸਮਾਜ ਸਭਿਆਚਾਰ ਦਾ ਖਾਣ-ਪੀਣ ਉਥੇ ਦੇ ਭੂਗੋਲਿਕ ਖਿੱਤੇ ਅਤੇ ਮੌਸਮ ਤੇ ਆਧਾਰਿਤ ਹੁੰਦਾ ਹੈ। ਕਸ਼ਮੀਰ ਵਿੱਚ ਵਧੇਰੇ ਠੰਡ ਹੋਣ ਕਾਰਨ ਉਥੇ ਦੇ ਲੋਕ ਵਧੇਰੇ ਤਿੱਖਾ ਅਤੇ ਮਾਸਾਹਰੀ ਭੋਜਨ ਖਾਂਦੇ ਹਨ। ਉੱਥੇ ਦੇ ਭੋਜਨ ਵਿੱਚ ਤੇਲ ਦੀ ਮਾਤਰਾ ਵੀ ਵੱਧ ਰੱਖੀ ਜਾਂਦੀ  ਹੈ ਜੋ ਕਿ ਸ਼ਰੀਰਕ ਨਮੀ ਨੂੰ ਬਣਾਏ ਰੱਖਣ ਵਿੱਚ ਸਹਾਈ ਸਿੱਧ ਹੁੰਦੀ ਹੈ। ਆਪਣੇ ਨਾਵਲਾਂ ਵਿੱਚ ਸੁਰਿੰਦਰ ਨੀਰ ਨੇ ਕਸ਼ਮੀਰੀ ਰਹਿਤਲ ਦੇ ਖਾਣ-ਪਾਣ ਬਾਰੇ ਥਾਂ-ਥਾਂ ਤੇ ਸੰਕੇਤ ਕੀਤਾ ਹੈ ਜਿਵੇਂ-

ਕਾਂਗੜੀ ਵਿੱਚ ਅੰਡਾ ਦਬਾ ਕੇ ਰਖਣਾ:

ਕਾਂਗੜੀ ਦੀ ਵਰਤੋਂ ਕਸ਼ਮੀਰੀ ਲੋਕ ਠੰਡ ਤੋਂ ਬਚਨ ਲਈ ਕਰਦੇ ਹਨ। ਬਲਦੇ ਕੋਇਲੇ ਜਿਨ੍ਹਾਂ ਨੂੰ ਕਸ਼ਮੀਰੀ ਵਿੱਚ ਚੀਆਂ ਕਿਹਾ ਜਾਂਦਾ ਹੈ ਨੂੰ ਕਸ਼ਮੀਰੀ ਲੋਕ ਕਾਂਗੜੀ ਵਿੱਚ ਪਾ ਕੇ ਚਲਦੇ ਫਿਰਦੇ ਕਾਂਗੜੀ ਨੂੰ ਫਿਰਨਾਂ ਅੰਦਰ ਹੀ ਫੜੀ ਰੱਖਦੇ ਹਨ ਤਾਂ ਜੋ ਸ਼ਰੀਰ ਨੂੰ ਬਾਹਰੀ ਠੰਡ ਤੋਂ ਬਚਾਇਆ ਜਾ ਸਕੇ। ਵਧੇਰੇ ਸਰਦੀ ਹੋਣ ਕਾਰਨ ਕਸ਼ਮੀਰ ਵਿੱਚ ਪਾਣੀ ਜੰਮ ਜਾਂਦੇ ਹਨ। ਇਸਲਈ ਕਸ਼ਮੀਰੀ ਲੋਕ ਇਕ ਦੋ ਅੰਡਿਆਂ ਨੂੰ ਪਾਣੀ ਵਿੱਚ ਨਹੀਂ ਉਬਾਲਦੇ ਸਗੋਂ ਉਸਨੂੰ ਕਾਗੜੀ ਵਿੱਚ ਦੱਬ ਦਿੰਦੇ ਹਨ। ਸਾਰਾ ਦਿਨ ਉਹ ਕਾਗੜੀ ਦੀ ਵਰਤੋਂ ਕਰਦੇ ਹਨ ਇਸਲਈ ਅੰਡਿਆਂ ਨੂੰ ਕਾਂਗੜੀ ਵਿੱਚ ਹੀ ਦੱਬਾ ਦਿੱਤਾ ਜਾਂਦਾ ਹੈ। ਜੱਦ ਅੰਡੇ ਚੰਗੀ ਤਰ੍ਹਾਂ ਪੱਕ ਜਾਂਦਾ ਹੈ ਤਾਂ ਉਨ੍ਹਾਂ ਦੇ ਫ਼ਟਨ ਦੀ ਆਵਾਜ਼ ਆਉਂਦੀ ਹੈ। ਆਵਾਜ਼ ਆਉਣ ਤੇ ਉਨ੍ਹਾਂ ਅੰਡਿਆਂ ਨੂੰ ਕਾਗੜੀ ਚੋਂ ਕੱਡ ਕੇ ਉਨ੍ਹਾਂ ਦਾ ਛਿਲਕਾ ਉਤਾਰ ਕੇ ਖਾਇਆ ਜਾਂਦਾ ਹੈ। ਕਾਂਗੜੀ ਵਿੱਚ ਬਣੇ ਅੰਡੇ ਦੀ ਖਾਸਿਅਤ ਇਹ ਹੈ ਕਿ ਇਸ ਦਾ ਸੁਆਦ ਭੁਜੇ ਹੋਏ ਅੰਡੇ ਵਰਗਾ ਹੁੰਦਾ ਹੈ।

ਰਸਮਾਂ:

ਕਿਸੇ ਵੀ ਸਮਾਜ ਸਭਿਆਚਾਰ ਦੇ ਵੇਲਾ ਵਿਆਹ ਚੁਕੇ ਅਮਲ ਜਦੋਂ ਪ੍ਰਤੀਕ ਰੂਪ ਵਿੱਚ ਵਰਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਰਸਮਾਂ ਦਾ ਨਾਂ ਦਿੱਤਾ ਜਾਂਦਾ ਹੈ। ਕਿਸੇ ਵੀ ਸਮਾਜ ਸਭਿਆਚਾਰ ਵਿੱਚ ਅਜਿਹੇ ਅਨੇਕ ਕਾਰਜ ਹੁੰਦੇ ਹਨ ਜੋ ਕਿਸੇ ਨਿਸ਼ਚਿਤ ਸਮੇਂ ਵਿੱਚ ਬਹੁੱਤ ਅਹਿਮਿਅਤ ਰੱਖਦੇ ਸਨ ਪਰ ਅੱਜ ਉਨ੍ਹਾਂ ਦੀ ਕੋਈ ਮੱਹਤਤਾ ਨਹੀਂ ਹੈ। ਪਰ ਫਿਰ ਵੀ ਇਹ ਅਮਲ ਅੱਜ ਵੀ ਪ੍ਰਤੀਕਆਤਮਿਕ ਰੂਪ ਵਿੱਚ ਵਰਤੇ ਜਾਂਦੇ ਹਨ। ਸੁਰਿੰਦਰ ਨੀਰ ਨੇ ਆਪਣੇ ਨਾਵਲਾਂ ਵਿੱਚ ਵੱਖ-ਵੱਖ ਰਸਮਾਂ ਰਾਹੀ ਕਸ਼ਮੀਰੀ ਸਭਿਆਚਾਰ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਰਸਮਾਂ ਨੂੰ ਅਸੀਂ ਦੋ ਵਰਗਾ ਵਿੱਚ ਵੰਡ ਸਕਦੇ ਹਾਂ-

੧. ਵਿਆਹ ਨਾਲ ਸੰਬੰਧਿਤ ਰਸਮਾਂ

੨. ਮੌਤ ਨਾਲ  ਸੰਬੰਧਿਤ ਰਸਮਾਂ

ਵਿਆਹ ਨਾਲ ਸੰਬੰਧਿਤ ਰਸਮਾਂ ਦਾ ਵੇਰਵਾ:

ਸੁਰਮਾਂ ਪੀਸਣ ਦੀ ਰਸਮ: ਇਸ ਰਸਮ ਵਿੱਚ ਪਿੰਡ ਦੀਆਂ ਔਰਤਾਂ ਵਲੋਂ ਸੁਰਮਾਂ ਪੀਸਿਆ ਜਾਂਦਾ ਹੈ। ਇਕ ਨਿਸ਼ਚਿਤ ਦਿਹਾੜੇ ਤੇ ਪਿੰਡ ਦੀਆਂ ਔਰਤਾਂ ਮਿਲ ਕੇ ਇਸ ਰਸਮ ਨੂੰ ਅਦਾ ਕਰਦੀਆਂ ਹਨ। ਸੁਰਮਾਂ ਔਰਤਾਂ ਦੇ ਸ਼ਿੰਗਾਰ ਦਾ ਇਕ ਅਹਿਮ ਭਾਗ ਹੈ। ਕਸ਼ਮੀਰੀ ਸਭਿਆਚਾਰ ਵਿੱਚ ਸੁਰਮਾਂ ਪੀਹ ਕੇ ਛੋਟੇ-ਛੋਟੇ ਲਿਫਾਫਿਆਂ ਵਿੱਚ ਪਾ ਦਿੱਤਾ ਜਾਂਦਾ ਹੈ ਅਤੇ  ਪਿੰਡ ਅਤੇ ਰਿਸ਼ਤੇਦਾਰੀ ਵਿੱਚ ਆਉਣ ਵਾਲੀਆਂ ਕੁੜੀਆਂ ਦੇ ਨਾਮ ਇਨ੍ਹਾਂ ਲਿਫ਼ਾਫ਼ਿਆਂ ਤੇ ਲਿਖੇ ਜਾਂਦੇ ਹਨ। ਜਿਸ ਲਿਫ਼ਾਫ਼ੇ ਉੱਤੇ ਪਿੰਡ ਦੀ ਜਿਸ ਕੁੜੀ ਦਾ ਨਾਂ ਹੋਵੇ (ਵਿਆਹੀ ਜਾਂ ਕੁਆਰੀ) ਉਸਨੂੰ ਇਹ ਲਿਫ਼ਾਫ਼ਾ ਘਰ ਜਾ ਕੇ ਦਿੱਤਾ ਜਾਂਦਾ ਹੈ। ਇਸ ਰਸਮ ਦਾ ਇਕ ਮਨੋਰਥ ਇਹ ਵੀ ਹੈ ਕਿ ਜੋ ਵੀ ਕੁੜੀ ਪਿੰਡ ਤੋਂ ਦੂਰ ਵਿਆਹੀ ਜਾਂਦੀ ਉਸਨੂੰ ਨੂੰ ਵੀ ਸੁਰਮਾਂ ਦੇ ਕੇ ਵਿਆਹ ਵਿੱਚ ਆਉਂਣ ਦਾ ਸੱਦਾ ਘਰ ਜਾ ਕੇ ਦਿੱਤਾ ਜਾਂਦਾ। ਇਸ ਰਸਮ ਨਾਲ ਪਿੰਡ ਦੀ ਧੀ ਵਿਆਹ ਤੋਂ ਬਾਅਦ ਵੀ ਆਪਣੇ ਪਿੰਡ ਵਾਲਿਆਂ ਦੇ ਦਿੱਲਾਂ ਵਿੱਚ ਹਮੇਸ਼ਾ ਯਾਦ/ਨਜ਼ਦੀਕ ਰਹਿੰਦੀ ਹੈ।

ਮਿੱਟੀ ਖੁਣਨ ਦੀ ਰਸਮ: ਇਹ ਰਸਮ ਧਰਮ ਭੈਣ ਵਲੋਂ ਨਿਭਾਈ ਜਾਂਦੀ ਹੈ। ਧਰਮ ਭੈਣ ਪਿੰਡ ਦੀਆਂ ਬਾਕੀ ਔਰਤਾਂ ਨਾਲ ਕਿਸੇ ਖਾਸ ਥਾਂ ਤੋਂ ਮਿੱਟੀ ਖੁਣ ਕੇ ਲੈ ਆਉਂਦੀ ਹੈ। ਧਰਮ ਭੈਣ ਕਰਿੰਜਲ ਵਿੱਚ ਲਾਲ ਰੰਗ, ਪੰਜ ਅਖਰੋਟ ਅਤੇ ਇਕ ਖ਼ਾਨੂੰ(ਖੁਰਪਾ,ਢੁੰਘਰੀ) ਪਾ ਕੇ ਕਰਿੰਜਲ ਮੋਢੇ ’ਤੇ ਰੱਖ ਕੇ ਕਿਸੇ ਸਾਫ਼ ਜਗਹਿ ਮਿੱਟੀ ਖੁਣਨ ਲਈ ਜਾਂਦੀ ਹੈ। ਪਿੰਡ ਦੀਆਂ ਔਰਤਾਂ, ਕੁੜੀਆਂ-ਮੁੰਡੇ ਉਸ ਨਾਲ ਨੱਚਦੇ ਟੱਪਦੇ ਅਤੇ ਮਾਂਗਾਂ ਮਾਰਦੇ ਜਾਂਦੇ ਹਨ। ਮਿੱਟੀ ਖੁਣ ਕੇ ਕਰਿੰਜਲ ਵਿੱਚ ਪਾਈ ਜਾਂਦੀ ਹੈ ਅਤੇ ਕਰਿੰਜਲ ਵਿੱਚ ਰੱਖੇ ਪੰਜ ਅਖਰੋਟ ਉਸ ਖੁਣੀ ਹੋਈ ਥਾਂ ਤੇ ਦਬਾ ਦਿੱਤੇ ਜਾਂਦੇ ਹਨ ਅਤੇ ਇਹ ਵਿਸ਼ਵਾਸ ਕਿਤਾ ਜਾਂਦਾ ਹੈ ਕਿ ਵਿਆਹੇ ਜਾਣ ਵਾਲੇ ਕੁੜੀ ਜਾਂ ਮੁੰਡੇ ਦੇ ਸਾਰੇ ਦੁੱਖ ਕਸ਼ਟ ਧਰਤੀ ਮਾਂ ਆਪਣੇ ਅੰਦਰ ਜਰ ਲਵੇਗੀ ਅਤੇ ਵਿਹਾਦੜੂ ਕੁੜੀ ਮੁੰਡੇ ਦਾ ਜੀਵਨ ਖ਼ੁਸ਼ਹਾਲੀ ਨਾਲ ਭਰ ਜਾਵੇਗਾ। ਮਿੱਟੀ ਖੁਣ ਕੇ ਵਾਪਿਸ ਆਉਂਦੇ ਹੋਏ ਪਿੰਡ ਦੇ ਗੁਰਦੁਆਰੇ ਮੱਥਾ ਟੇਕਿਆ ਜਾਂਦਾ ਹੈ। ਗੁਰਦੁਆਰੇ ਦੀ ਕਿਸੇ ਦਿਵਾਰ ਤੇ ਲਾਲ ਰੰਗ ਦੇ ਨਾਲ ੧ਓ ਲਿਖ ਕੇ ਪੰਜ ਨਿਸ਼ਾਨ ਲਾਏ ਜਾਂਦੇ ਹਨ। ਪੰਜ ਨਿਸ਼ਾਨ ਇੱਥੇ ਪੰਜ ਪਿਆਰਿਆਂ ਦਾ ਪ੍ਰਤਿਕ ਹੈ। ਘਰ ਆ ਕੇ ਉਸ ਖੁਣੀ ਹੋਈ ਮਿੱਟੀ ਦੇ ਪੰਜ ਨਿਸ਼ਾਨ ਉਥੇ ਲਾਏ ਜਾਂਦੇ ਹਨ ਜਿੱਥੇ ਬੈਠ ਕੇ ਵਿਆਹੀ ਜਾਣ ਵਾਲੀ ਕੁੜੀ ਜਾਂ ਮੁੰਡਾ ਵਿਆਹ ਨਾਲ ਸੰਬੰਧਿਤ ਰਸਮਾਂ ਨੂੰ ਨਿਭਾਉਂਦੇ ਹਨ।  

ਵਿਆਹ ਤੋਂ ਬਾਅਦ ਲਾੜੇ ਦਾ ਸੱਤ ਦਿਨ ਕੁੜੀ ਦੇ ਘਰ ਰਹਿਣਾ: ਇਹ ਰਸਮ ਕਸ਼ਮੀਰੀ ਮੁਸਲਮਾਨਾਂ ਦੁਆਰਾ ਨਿਭਾਈ ਜਾਂਦੀ ਹੈ। ਇਸ ਰਸਮ ਅਨੁਸਾਰ ਵਿਆਹ ਹੋਣ ਤੋਂ ਬਾਅਦ ਕੁੜੀ ਅਤੇ ਮੁੰਡਾ ਪਹਿਲੇ ਸੱਤ ਦਿਨ ਕੁੜੀ ਦੇ ਘਰ ਹੀ ਰਹਿੰਦੇ ਹਨ। ਵਿਆਹ ਤੋਂ ਸੱਤ ਦਿਨ ਬਾਅਦ ਕੁੜੀ ਨੂੰ ਸੁਹਰੇ ਤੋਰਿਆਂ ਜਾਂਦਾ ਹੈ। ਇਸ ਰਸਮ ਦਾ ਜ਼ਿਕਰ ਸੁਰਿੰਦਰ ਨੀਰ ਨੇ ਆਪਣੇ ਨਾਵਲ ਵਿੱਚ ਪੋਸ਼ਮਾਲ ਤੇ ਕਾਦਰੇ ਦੇ ਵਿਆਹ ਦੋਰਾਨ ਹੋਣ ਵਾਲੀ ਰਸਮਾਂ ਵਜੋਂ ਕੀਤਾ ਹੈ।

“ਪੋਸ਼ਮਾਲ ਦਾ ਵਿਆਹ ਹੋਇਆ ਤਾਂ ਰਸਮ ਮੁਤਾਬਕ ਕਾਦਰਾ ਸੱਤ ਦਿਨਾਂ ਤੱਕ ਉਸ ਦੇ ਪੇਕੇ ਘਰ ਵਿੱਚ ਹੀ ਰਿਹਾ।”(ਚਸ਼ਮਿ-ਬੁਲਬੁਲ)5

ਮੌਤ ਨਾਲ ਸੰਬੰਧਿਤ ਰਸਮਾਂ ਦਾ ਵੇਰਵਾ:

ਮਕਾਣ ਦੇਣ ਦੀ ਰਸਮ: ਇਸ ਰਸਮ ਦਾ ਸੰਬੰਧ ਕਸ਼ਮੀਰੀ ਸਭਿਆਚਾਰ ਨਾਲ ਹੈ। ਜੱਦ ਕਿਸੇ ਘਰ ਵਿੱਚ  ਮੌਤ ਹੋ ਜਾਂਦੀ ਹੈ ਤਾਂ ਲੋਕ ਉਸ ਮ੍ਰਿਤਕ ਦੇ ਪਰਿਵਾਰ ਦੇ ਲੋਕਾਂ ਨਾਲ ਅਫ਼ਸੋਸ ਕਰਨ ਆਉਂਦੇ ਹਨ। ਉਹ ਵਿਛੁੜ ਚੁੱਕੀ ਰੂਹ ਦੀ ਸ਼ਾਂਤੀ ਮੰਗਦੇ ਹਨ ਅਤੇ ਬਾਕੀ ਘਰ ਦੇ ਜਿਆਂ ਨੂੰ ਭਾਨਾਂ ਮੰਨਣ ਦਾ ਹੋਸਲਾ ਦਿੰਦੇ ਹਨ। ਇਸ ਨੂੰ ਕਸ਼ਮੀਰੀ ਸਭਿਆਚਾਰ ਵਿੱਚ ਮਕਾਣ ਦੇਣਾ ਕਹਿੰਦੇ ਹਨ।

ਚੌਥ ਤੇ ਅਸਥੀਆਂ ਜਲ ਪ੍ਰਵਾਹ ਕਰਨੀਆਂ: ਜੱਦ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਸ਼ਮਸ਼ਾਨ ਘਾਟ ਲੈ ਜਾ ਕੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਅੰਤਿਮ ਸੰਸਕਾਰ ਦੀ ਰਸਮ ਸਿੱਖਾਂ ਅਤੇ ਹਿੰਦੂਆਂ ਵਿੱਚ ਨਿਭਾਈ ਜਾਂਦੀ ਹੈ। ਮੁਸਲਮਾਨਾਂ ਵਿੱਚ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਂਦਾ ਬਲਕਿ ਉਸਨੂੰ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਜਾਂਦਾ ਹੈ। ਚੌਥ ਤੇ ਅਸਥੀਆਂ ਜਲ ਪ੍ਰਵਾਹ ਕਰਨ ਦੀ ਰਸਮ ਸਿੱਖਾਂ ਅਤੇ ਹਿੰਦੂਆਂ ਵਲੋਂ ਨਿਭਾਈ ਜਾਂਦੀ ਹੈ। ਅੰਤਿਮ ਸੰਸਕਾਰ ਤੋਂ ਬਾਅਦ ਚੌਥੇ ਦਿਨ ਸ਼ਮਸ਼ਾਨ ਘਾਟ ਜਾ ਕੇ ਮ੍ਰਿਤਕ ਦੀਆਂ ਅਸਥੀਆਂ (ਹੱਡੀਆਂ ਅਤੇ ਰਾਖ) ਨੂੰ ਇਕਠਾ ਕਰ ਕੇ ਕੋਲ ਵਹਿੰਦੇ ਸਾਫ਼ ਪਾਣੀ ਵਿੱਚ ਵਹਾ ਦਿੱਤਾ ਜਾਂਦਾ ਹੈ। ਸਿੱਖਾਂ ਵਿੱਚ ਅੰਤਿਮ ਅਰਦਾਸ ਦੱਸਵੇ ਦਿਨ ਹੁੰਦੀ। ਜੱਦ ਕਿ ਮੁਸਲਮਾਨਾਂ ਵਿੱਚ ਚਾਰ ਦਿਨ ਦਾ ਮਹਾਤਮ ਮਨਾਇਆ ਜਾਂਦਾ ਹੈ ਅਤੇ ਚਾਰ ਦਿਨ ਉਨ੍ਹਾਂ ਦੇ ਘਰ ਰੋਟੀ ਵੀ ਨਹੀਂ ਬਣਾਈ ਜਾਂਦੀ। ਉਨ੍ਹਾਂ ਲਈ ਰੋਟੀ ਸਾਕ-ਸੰਬੰਧੀ ਜਾਂ ਗੁਆਂਢੀ ਬਣਾ ਕੇ ਲੈ ਆਉਂਦੇ ਹਨ। ਸਿੱਖਾ ਅਤੇ ਕਸ਼ਮੀਰੀ ਪੰਡਿਤਾਂ ਵਿੱਚ ਅਜਿਹਾ ਕੋਈ ਰਿਵਾਜ਼ ਨਹੀਂ ਹੈ।

ਨਿਸ਼ਕਰਸ਼: ਸੁਰਿੰਦਰ ਨੀਰ ਨੇ ਆਪਣੇ ਨਾਵਲਾਂ ਰਾਹੀਂ ਕਸ਼ਮੀਰ ਦੀ ਇਕ ਵੱਖਰੀ ਅਤੇ ਖੁਬਸੂਰਤ ਝਲਕ ਪੇਸ਼ ਕੀਤੀ ਹੈ। ਕਸ਼ਮੀਰ ਦੇ ਲੋਕਾਂ ਦੇ ਲੋਕ ਗੀਤ ਉੱਥੇ ਦੀ ਜੀਵਨ ਸ਼ੈਲੀ ਨਾਲ ਸੰਬੰਧਤ ਹਨ। ਉਨ੍ਹਾਂ ਦਾ ਖਾਣ-ਪੀਣ ਠੰਡੇ ਮੌਸਮ ਕਰ ਕੇ ਬਾਹਰੀ ਪ੍ਰਾਂਤਾ ਨਾਲੋਂ ਵੱਖਰਾ ਹੈ। ਔਰਤ ਨੂੰ ਵਧੇਰੇ ਸਭਿਆਚਾਰਕ ਆਜਾਦੀ ਨਾ ਹੋਣ ਕਰ ਕੇ ਉੱਥੋਂ ਦੇ ਔਰਤਾਂ ਨਾਲ ਸੰਬੰਧਤ ਲੋਕ ਨਾਚ ਬਹੁਤ ਸਿਮਿਤ ਹਨ ਅਤੇ ਵਧੇਰੇ ਨਾਚ ਮਰਦਾਂ ਵਲੋਂ ਔਰਤਾਂ ਦਾ ਭੇਸ ਧਾਰ ਕਰ ਕੇ ਪੇਸ਼ ਕੀਤੇ ਹਨ। ਰਸਮਾਂ ਰਿਵਾਜ਼ਾਂ ਦੀ ਖੂਬਸੂਰਤੀ ਇਹ ਹੈ ਕਿ ਕਸ਼ਮੀਰ ਵਿੱਚ ਅੱਜ ਵੀ ਪਿੰਡ ਦੀਆਂ ਧੀਆਂ ਨੂੰ ਆਦਰ ਹਿੱਤ ਉਨ੍ਹਾਂ ਦੇ ਘਰ ਜਾ ਕੇ ਵਿਆਹ ਦੇ ਨਿਉਤੇ ਵਜੋਂ ਸੁਰਮਾਂ ਦਿੱਤਾ ਜਾਂਦਾ ਹੈ। ਵਾਦੀ-ਏ-ਕਸ਼ਮੀਰ ਨਾਲ ਸੰਬੰਧਿਤ ਇਨ੍ਹਾਂ ਨਾਵਲਾਂ ਵਿੱਚ ਕਸ਼ਮੀਰੀ ਲੋਕਾਂ ਦੀ ਤ੍ਰਾਸਦੀਕ ਸਥੀਤੀ ਦਾ ਵਰਣਨ ਵੀ ਸੁਰਿੰਦਰ ਨੀਰ ਨੇ ਕਾਨੀ ਸ਼ਾਲ ਬੁਣਨ ਵਾਲੇ ਕਾਰੀਗਰਾਂ ਰਾਹੀ ਕੀਤਾ ਹੈ। ਸਾਰੰਸ਼ ਰੂਪ ਵਿੱਚ ਅਸੀ ਕਹਿ ਸਕਦੇ ਹਾਂ ਕਿ ਕਸ਼ਮੀਰ ਭੁਗੋਲਿਕ ਤੌਰ ਤੇ ਖ਼ੂਬਸੂਰਤ ਹੋਣ ਦੇ ਨਾਲ-ਨਾਲ ਸਭਿਆਚਾਰਕ ਤੌਰ ’ਤੇ ਵੀ ਬਹੁੱਤ ਹੀ ਵਿਸ਼ਾਲ ਇਤਿਹਾਸ ਆਪਣੇ ਅੰਦਰ ਸਮਾਈ ਬੈਠਾ ਹੈ ਜਿਸ ਨੂੰ ਪੰਜਾਬੀ ਪਾਠਕ ਨੂੰ ਘੋਖਣ ਦੀ ਲੋੜ ਹੈ।

ਸੰਦਰਭ ਸੂਚੀ:

1.          ਫ਼ਰੈਂਕ, ਗੁਰਬਖ਼ਸ਼ ਸਿੰਘ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਅਮ੍ਰਿਤਸਰ,2022, ਪੰਨਾ 18

2.          ਸੁਰਿੰਦਰ ਨੀਰ, ਚਸ਼ਮਿ ਬੁਲਬੁਲ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2019, ਪੰਨਾ 90

3.          ਸੁਰਿੰਦਰ ਨੀਰ, ਸ਼ਿਕਾਰਗਾਹ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2019, ਪੰਨਾ 82

4.          ਸੁਰਿੰਦਰ ਨੀਰ, ਸ਼ਿਕਾਰਗਾਹ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2019, ਪੰਨਾ 33

5.          ਸੁਰਿੰਦਰ ਨੀਰ, ਚਸ਼ਮਿ ਬੁਲਬੁਲ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2019, ਪੰਨਾ 85

error: Content is protected !!
Scroll to Top