| ਗੁਰਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਪੰਜਾਬੀ ਵਿਭਾਗ ਪੰਜਾਬ ਕੇਂਦਰੀ ਯੂਨੀਵਰਸਿਟੀ | ਮਨਫੂਲ ਸਿੰਘ ਖੋਜ ਵਿਦਿਆਰਥੀ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ |
ਖੋਜ ਸਾਰ
ਇਸ ਖੋਜ ਲੇਖ ਦਾ ਸੰਬੰਧ ‘ਧਰਤੀ ਉਤੇ ਸਵਰਗ’ ਕਹੇ ਜਾਣ ਵਾਲੇ ਖੇਤਰ ਕਸ਼ਮੀਰ ਨਾਲ ਹੈ। ਕਿਸੇ ਵੀ ਖਿੱਤੇ ਨੂੰ ਸਮਝਣ ਲਈ ਉਸ ਖਿੱਤੇ ਦਾ ਸਭਿਆਚਾਰ ਅਹਿਮ ਭੁਮਿਕਾ ਅੱਦਾ ਕਰਦਾ ਹੈ। ਇਸ ਲੇਖ ਵਿੱਚ ਕਸ਼ਮੀਰੀ ਸਭਿਆਚਾਰ ਦਾ ਗਹਿਰਾਈ ਨਾਲ ਅਧਿਐਨ ਕੀਤਾ ਜਾਵੇਗਾ। ਕਸ਼ਮੀਰੀ ਸਭਿਆਚਾਰ ਮੂਲ ਰੂਪ ਵਿੱਚ ਪੰਜਾਬੀ ਸਭਿਆਚਾਰ ਤੋਂ ਵੱਖਰਾ ਹੈ, ਉਸਦਾ ਕਾਰਨ ਕਸ਼ਮੀਰ ਦੀ ਭੂਗੋਲਿਕ ਅਤੇ ਰਾਜਸੀ ਸਥਿਤੀ ਹੈ। ਵਧੇਰੇ ਸਮੇਂ ਲਈ ਪੈਂਦੀ ਬਰਫ਼ ਅਤੇ ਮੁਗਲ ਸ਼ਾਸਕਾਂ ਦੇ ਦੌਰ ਵਿੱਚ ਆਏ ਕਾਰੀਗਰਾਂ ਸਦਕਾ ਕਸ਼ਮੀਰੀ ਸਭਿਆਚਾਰ ਵੱਖਰਤਾ ਅਤੇ ਅਹਿਮਅਤ ਰੱਖਦਾ ਹੈ। ਇਸ ਲੇਖ ਵਿੱਚ ਕਸ਼ਮੀਰੀ ਸਭਿਆਚਾਰ ਨੂੰ ‘ਸੁਰਿੰਦਰ ਨੀਰ’ ਜੋ ਕਸ਼ਮੀਰ ਦੀ ਜੰਮ-ਪਲ ਹੈ, ਦੀਆਂ ਪੰਜਾਬੀ ਰਚਨਾਵਾਂ ਰਾਹੀ ਸਮਝਿਆ ਜਾਵੇਗਾ। ਸੁਰਿੰਦਰ ਨੀਰ ਜੰਮੂ-ਕਸ਼ਮੀਰ ਦੇ ਸਾਹਿਤਕਾਰਾਂ ਵਿੱਚ ਇੱਕ ਚਮਕਦਾ ਸਿਤਾਰਾ ਹੈ। ਆਪਣੇ ਕਹਾਣੀ ਸੰਗ੍ਰਹਿ ‘ਟੈਬੂ ’ ਲਈ ਉਸਨੂੰ ੨੦੨੪ ਵਿੱਚ ਢਾਹਾਂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਉੱਗੀ ਲੇਖਿਕਾ ਨੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿੱਚ ਤਿੰਨ ਨਾਵਲ- ਸ਼ਿਕਾਰਗਾਹ(੨੦੧੦), ਮਾਇਆ(੨੦੧੨), ਚਸ਼ਮਿ-ਬੁਲਬੁਲ(੨੦੧੯) ਅਤੇ ਤਿੰਨ ਕਹਾਣੀ ਸੰਗ੍ਰਹਿ ਪਾਏ ਹਨ।
ਇਸ ਖੋਜ ਲੇਖ ਵਿੱਚ ਸਭਿਆਚਾਰ ਦੇ ਸ਼ਾਬਦਿਕ ਅਰਥ ਅਤੇ ਪ੍ਰਕਿਰਤੀ ਨੂੰ ਸਮਝਿਆ ਜਾਏਗਾ। ਸਭਿਆਚਾਰ ਦੀ ਸਿਧਾਂਤਕ ਸਮਝ ਬਣਾਉਣ ਉਪਰੰਤ ਸੁਰਿੰਦਰ ਨੀਰ ਦੇ ਨਾਵਲਾਂ ਨੂੰ ਆਧਾਰ ਬਣਾ ਕੇ ਕਸ਼ਮੀਰੀ ਸਭਿਆਚਾਰ ਦਾ ਅਧਿਐਨ ਕੀਤਾ ਜਾਵੇਗਾ। ਇਸ ਅਧਿਐਨ ਲਈ ਸਮਗਰੀ ਵਜੋਂ ਨਾਵਲਾਂ ਵਿੱਚ ਪੇਸ਼ ਲੋਕ ਗੀਤ, ਲੋਕ ਵਿਸ਼ਵਾਸ, ਲੋਕ ਨਾਚ, ਖਾਣ-ਪੀਣ, ਰਸਮਾਂ ਆਦਿ ਨੂੰ ਵਰਤਿਆ ਜਾਵੇਗਾ।
